86 ਬਾਰ ਤੇਰੀ ਸ਼ਹਾਦਤ
ਯਾਦ ਕਰ ਚੁੱਕੀ ਸਿਆਸਤ
ਮੁੜ ਤੇਰਾ ਨਾਂ ਲਿਆਈ
ਅੱਜ ਆਪਣੀ ਜ਼ੁਬਾਨ 'ਤੇ
ਇੰਕਲਾਬ ਜ਼ਿੰਦਾਬਾਦ
ਮੁੜ ਗੂੰਜਿਆ ਹੈ
ਸਿਆਸੀ ਅਸਮਾਨ 'ਤੇ
ਇਸ ਵਾਰ ਬਿਆਨ ਨਵੇਂ
ਅਫ਼ਸਾਨਾ ਨਵਾਂ ਹੈ
ਨਸ਼ੇ ਦੇ ਮੁੱਦੇ ਨੂੰ ਭਖਾਉਣ ਦਾ
ਉਨ੍ਹਾਂ ਕੋਲ ਬਹਾਨਾ ਨਵਾਂ ਹੈ
ਆਪ ਤਾਂ ਅਜੇ ਛੱਡ ਨਾ ਸਕੇ
ਲੋਕਾਂ ਨੂੰ ਕੀ ਸਮਝਾਉਣਗੇ
ਚੜ੍ਹੀਆਂ ਲਾਲ ਸੁਰਖ ਅੱਖਾਂ ਵਾਲੇ
ਕਿਵੇਂ ਪੰਜਾਬ ਦਾ ਨਸ਼ਾ ਛੁਡਾਊਣਗੇ
ਸਹੁੰ ਚੁਕਾਉਣ ਵਾਲਿਆਂ ਦਾ
ਆਪ ਮਾੜਾ ਹਾਲ ਹੈ
ਸਹੁੰ ਖਾਉਣ ਵਾਲੇ ਸੁਣੋ
ਕਰਦੇ ਕੀ ਕਮਾਲ ਹੈ?
ਅੱਜ ਵਹਾਟਸਐਪ-ਫੇਸਬੁਕ 'ਤੇ
ਤੂੰ ਸਾਰੇ ਪਾਸੇ ਛਾਇਆ ਹੈ
ਟਵਿਟਰ ਤੇ ਇੰਸਟਾ ਨੇ ਵੀ ਤੈਨੂੰ
ਟਰੈਂਡਿੰਗ ਦਾ ਟਰੋਲ ਬਣਾਇਆ ਹੈ
ਬਸੰਤੀ ਪੱਗ ਬਣ ਗਈ ਤੇਰੀ
ਸਟਾਈਲ ਸਟੇਟਮੈਂਟ ਜਹਾਨ 'ਤੇ
ਇੰਕਲਾਬ ਜ਼ਿੰਦਾਬਾਦ
ਮੁੜ ਗੂੰਜਿਆ ਹੈ
ਸਿਆਸੀ ਅਸਮਾਨ 'ਤੇ
ਨਾ ਕਿਰਤੀਆਂ ਨਾਲ ਪਿਆਰ ਕਿਸੇ ਨੂੰ
ਨਾ ਕਾਮਿਆਂ ਨੂੰ ਮਿਲੇ ਬਣਦਾ ਹਿੱਸਾ ਵੇ
ਇਹ ਅੰਗਰੇਜ਼ਾਂ ਦਾ ਰਾਜ ਨਹੀਂ
ਆਜ਼ਾਦ ਗੁਲਾਮਾਂ ਦਾ ਕਿੱਸਾ ਵੇ
ਫਿਰਕਾਪ੍ਰਸਤੀ ਵੱਧਦੀ ਜਾਂਦੀ
ਡਿਵਾਈਡ ਐਂਡ ਰੂਲ ਦਾ ਸਾਇਆ ਏ
ਜੋ ਤੇਰੇ ਸੁਪਨਿਆਂ ਦਾ ਭਾਰਤ ਸੀ
ਅਸੀਂ ਆਪਣੇ ਹੱਥੀਂ ਗੁਆਇਆ ਏ
ਆਵਾਜ਼ ਚੁੱਕਣ ਵਾਲਿਆਂ ਨੂੰ
ਮਿਲੇ ਮੌਤ ਵਾਲੀ ਖਾਮੋਸ਼ੀ ਵੇ
ਆਪਣੀ ਸਰਕਾਰਾਂ ਆਪਣੀਆਂ ਨਹੀਂ
ਇਹ ਸਭਤੋਂ ਵੱਡੀ ਨਮੋਸ਼ੀ ਵੇ
ਸਭ ਦੀਆਂ ਸੋਚਾਂ ਕੈਦ ਹੋਈਆਂ
ਕਿਵੇਂ ਖੋਲ੍ਹੇ ਕੋਈ ਜ਼ੁਬਾਨ ਵੇ
ਇੰਕਲਾਬ ਜ਼ਿੰਦਾਬਾਦ
ਮੁੜ ਗੂੰਜਿਆ ਹੈ
ਸਿਆਸੀ ਅਸਮਾਨ 'ਤੇ
ਗਗਨ
No comments:
Post a Comment